Reference Text

Time Left10:00
ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜੀ ਤਿੱਥ ਨੂੰ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸੇ ਕਰਕੇ ਤੀਆਂ ਤੀਜ ਦੀਆਂ ਬਣੀਆਂ। ਕਈ ਥਾਂਈ ਇਹ ਤਿਉਹਾਰ ਤੀਜ ਨੂੰ ਸ਼ੁਰੂ ਹੋ ਕੇ ਪੂਰਨਮਾਸ਼ੀ ਤਕ ਮਨਾਇਆ ਜਾਂਦਾ ਹੈ। ਭਾਰਤ ਦੇ ਕਈ ਹੋਰ ਸੂਬਿਆਂ ਵਿੱਚ ਵੀ ਤੀਆਂ ਦਾ ਤਿਉਹਾਰ ਪ੍ਰਚੱਲਿਤ ਹੈ, ਪਰ ਵੱਖ ਵੱਖ ਤਰੀਕਿਆਂ ਤੇ ਵਿਚਾਰਧਾਰਾ ਨਾਲ ਕਿਤੇ ਇਸ ਨੂੰ ਕੰਮ ਧੰਦੇ ਅਤੇ ਕਿਤੇ ਦੇਵੀ ਦੇਵਤਿਆਂ ਦੀ ਪੂਜਾ ਨਾਲ ਜੋੜ ਕੇ ਮਨਾਇਆ ਜਾਂਦਾ ਹੈ। ਪੰਜਾਬ ਵਿੱਚ ਇਹ ਨਿਰੋਲ ਕੁਦਰਤ ਨਾਲ ਜੁੜਿਆ ਤਿਉਹਾਰ ਹੈ। ਮੁਟਿਆਰਾਂ ਕੁਦਰਤ ਨਾਲ ਇਕਮਿਕ ਹੋ ਕੇ ਪੀਂਘਾਂ ਝੂਟਦੀਆਂ, ਹੱਸਦੀਆਂ ਖੇਡਦੀਆਂ, ਗਿੱਧੇ ਪਾਉਂਦੀਆਂ ਤੇ ਗੀਤ ਗਾਉਂਦੀਆਂ ਹਨ। ਉਹ ਇਸ ਮੌਸਮ ਨੂੰ ਰੂਹ ਤੋਂ ਹੰਢਾਉਂਦੀਆਂ ਨਜ਼ਰ ਆਉਂਦੀਆਂ ਹਨ। ਬਲਿਹਾਰੀ ਕੁਦਰਤ ਵਸਿਆ ਦਾ ਨਜ਼ਾਰਾ ਪੇਸ਼ ਕਰਦਾ ਸਾਉਣ ਮਹੀਨੇ ਦਾ ਮੌਸਮ ਸੁਹਾਵਣਾ ਹੁੰਦਾ ਹੈ, ਮਨ ਲਈ ਵੀ ਤੇ ਤਨ ਲਈ ਵੀ। ਆਸਮਾਨੀਂ ਉੱਡਦੇ ਬੱਦਲ, ਘਟਾਵਾਂ ਅਤੇ ਕਿਣਮਿਣ ਅਜੀਬ ਕਿਸਮ ਦਾ ਹੁਲਾਸ ਤੇ ਹੁਲਾਰਾ ਦਿੰਦੇ ਹਨ। ਘਰਾਂ ਵਿੱਚ ਬਣਦੇ ਖੀਰ ਪੂੜੇ, ਗੁਲਗਲੇ ਅਤੇ ਹੋਰ ਖਾਣ ਪੀਣ ਦਾ ਬੱਚਿਆਂ ਅਤੇ ਸਿਆਣਿਆਂ, ਸਭ ਨੂੰ ਚਾਅ ਹੁੰਦਾ ਹੈ। ਸਾਉਣ ਦੇ ਮੇਘਲਿਆਂ ਦੀ ਗੱਲ ਬਾਬਾ ਬੁੱਲ੍ਹੇ ਸ਼ਾਹ ਇਉਂ ਕਰਦਾ ਹੈ। ਨਵੀਆਂ ਵਿਆਹੀਆਂ ਮੁਟਿਆਰਾਂ ਲਈ ਇਸ ਤਿਉਹਾਰ ਦੀ ਮਹੱਤਤਾ ਜ਼ਿਆਦਾ ਇਸ ਕਰਕੇ ਵੀ ਹੁੰਦੀ ਹੈ ਕਿਉਂਕਿ ਉਨ੍ਹਾਂ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਪੇਕੇ ਆਉਣਾ ਹੁੰਦਾ ਹੈ। ਤੀਆਂ ਬਹਾਨੇ ਕੁਝ ਦਿਨ ਪੇਕੇ ਰਹਿਣ ਅਤੇ ਪਰਿਵਾਰ ਤੇ ਸਹੇਲੀਆਂ ਨੂੰ ਮਿਲਣ-ਗਿਲਣ ਅਤੇ ਸਹੁਰਿਆਂ ਬਾਰੇ ਗੱਲਾਂਬਾਤਾਂ ਕਰਨ ਦਾ ਚੰਗਾ ਸਬੱਬ ਬਣਦਾ ਹੈ। ਵਿਆਹ ਔਰਤ ਦੀ ਜ਼ਿੰਦਗੀ ਦਾ ਵਿਲੱਖਣ ਮੋੜ ਹੈ। ਮਾਂ ਦੇ ਲਾਡ ਪਿਆਰ ਦਾ ਸੱਸ ਦੀਆਂ ਮੱਤਾਂ ਨਾਲ ਤਬਾਦਲਾ ਕਾਫ਼ੀ ਅਸਾਧਾਰਨ ਪ੍ਰਕਿਰਿਆ ਹੋਣ ਕਰਕੇ ਇਹ ਛੇਤੀ ਹਜ਼ਮ ਆਉਣ ਵਾਲਾ ਵਰਤਾਰਾ ਨਹੀਂ ਹੁੰਦਾ। ਇਹੀ ਵਰਤਾਰਾ ਸੱਸ ਅਤੇ ਨੂੰਹ ਵਿਚਲੀ ਖਹਿਬਾਜ਼ੀ ਦਾ ਸਭਿਆਚਾਰਕ ਦੁਖਾਂਤ ਬਣ ਜਾਂਦਾ ਹੈ। ਸੱਸ ਪ੍ਰਤੀ ਮਨ ਦੀ ਘਰੋੜਾਂ ਨੂੰ ਬਾਹਰ ਕੱਢਣ ਦਾ ਇੱਕੋ ਇੱਕ ਹੱਲ, ਗਿੱਧੇ ਦੀਆਂ ਬੋਲੀਆਂ ਹਨ ਅਤੇ ਤੀਆਂ ਇਸ ਲਈ ਢੁਕਵਾਂ ਸਮਾਂ ਹੁੰਦਾ ਹੈ। ਬੋਲੀਆਂ ਰਾਹੀਂ ਕੁੜੀਆਂ ਆਪਣੇ ਮਨ ਦੇ ਗੁਬਾਰ ਕੱਢ ਕੇ ਖ਼ੁਸ਼ ਹੁੰਦੀਆਂ ਹਨ। ਸਿੱਧੇ ਰੂਪ ਵਿੱਚ ਅਜਿਹੀਆਂ ਗੱਲਾਂ ਹੋਣ ਨਾਲ ਮਨਾਂ ਵਿੱਚ ਕੁੜੱਤਣ ਸਕਦੀ ਹੈ, ਪਰ ਬੋਲੀ ਦੇ ਨਾਲ ਪੈਂਦਾ ਗਿੱਧਾ ਇਨ੍ਹਾਂ ਗੱਲਾਂਬਾਤਾਂ ਦਾ ਸੁਖਾਵਾਂ ਅਸਰ ਕਾਇਮ ਰੱਖਦਾ ਹੈ। ਪੰਜਾਬੀ ਜਨ ਜੀਵਨ ਵਿੱਚ ਔਰਤਾਂ ਦੀ ਭੂਮਿਕਾ ਮਹੱਤਵਪੂਰਨ, ਸਲਾਹੁਣਯੋਗ ਅਤੇ ਸਤਿਕਾਰਯੋਗ ਹੈ। ਔਰਤਾਂ ਆਪਣੇ ਹਰ ਚਾਅ, ਖ਼ੁਸ਼ੀ ਤੇ ਖ਼ੁਆਹਿਸ਼ ਵਿੱਚ ਮਰਦ ਦੀ ਸੁੱਖ ਮੰਗਦੀਆਂ ਹਨ। ਵਿਲੱਖਣ ਗੱਲ ਇਹ ਹੈ ਕਿ ਤੀਆਂ ਦੇ ਤਿਉਹਾਰ ਵਿੱਚ ਪੈਂਦੀਆਂ ਬੋਲੀਆਂ ਸਿੱਧੇ, ਅਸਿੱਧੇ ਰੂਪ ਵਿੱਚ ਮਰਦ ਦੀ ਖ਼ੁਸ਼ੀ ਲਈ ਦੁਆਵਾਂ ਵਰਗੀਆਂ ਹੀ ਹੁੰਦੀਆਂ ਹਨ। ਲੱਖ ਤਾਅਨੇ ਮਿਹਣੇ ਮਾਰ ਕੇ ਵੀ ਅੰਤ ਉਹ ਆਪਣੇ ਰਿਸ਼ਤਿਆਂ ਵਿਚਲੇ ਮਰਦਾਂ ਦੀ ਚੜ੍ਹਦੀ ਕਲਾ ਲਈ ਵਚਨਬੱਧ ਹੁੰਦੀਆਂ ਹਨ। ਇਹ ਔਰਤ ਮਨ ਦੀ ਕੋਮਲਤਾ ਦਾ ਪ੍ਰਮਾਣ ਹੈ। ਬਦਲਦੇ ਸਮੇਂ ਨੇ ਮਨੁੱਖੀ ਜ਼ਿੰਦਗੀ ਦੀ ਰਵਾਨੀ ਉਪਰ ਗਹਿਰਾ ਪਰਛਾਵਾਂ ਪਾਇਆ ਹੈ। ਜ਼ਿੰਦਗੀ ਵਿੱਚੋਂ ਮੜਕ, ਖੁੱਲ੍ਹਾਪਣ ਅਤੇ ਬੇਪਰਵਾਹੀ ਦੂਰ ਹੋ ਗਈ। ਨਿੱਤ ਦੀ ਭੱਜ ਦੌੜ ਨੇ ਜੀਵਨ ਦੇ ਬਹੁਤ ਸਾਰੇ ਰਸ ਖ਼ਤਮ ਕਰ ਦਿੱਤੇ ਹਨ। ਬਦਲ ਰਹੇ ਵਰਤਾਰੇ ਨੇ ਸਾਡੇ ਮੇਲਿਆਂ ਤਿਉਹਾਰਾਂ ਤੇ ਵੀ ਬਹੁਤ ਅਸਰ ਕੀਤਾ ਹੈ।

Typing Box

Typed Word 10:00
Copyright©punjabexamportal 2018